ਇਕ ਦ੍ਰਿਸ਼ ਦਰਬਾਰ-ਏ-ਖਾਲਸਾ 2003 ਦਾ
(ਸਰਦਾਰਨੀ ਮਨਜੀਤ ਕੌਰ ਕ.ਬ.ਸ.)
ਜਨਵਰੀ 5, 2004 ਵਾਲਨਟ, ਕੈਲੇਫੌਰਨੀਆ
ਝਖੜੁ ਝਾਗੀ ਮੀਹੁ ਵਰਸੈ॥ ਭੀ ਗੁਰੁ ਦੇਖਣ ਜਾਈ॥ 13॥ਸਮੁੰਦੁ ਸਾਗਰੁ ਹੋਵੈ ਬਹੁ ਖਾਰਾ॥ ਗੁਰਸਿਖੁ ਲੰਘਿ ਗੁਰ ਪਹਿ ਜਾਈ॥ 14॥(ਅੰਗ 757 ਸ੍ਰੀ ਗੁਰੂ ਗਰੰਥ ਸਾਹਿਬ ਜੀ)
ਕੁਝ ਅਜੇਹੀ ਹੀ ਮਨ ਦੀ ਅਵਸਥਾ ਸੀ ਗੁਰ ਸੰਗਤ ਦੀ, ਜੋ ਖਿੱਚੀ ਚਲੀ ਆ ਰਹੀ ਸੀ ਆਪਣੇ ਦਸ਼ਮੇਸ਼ ਪਿਤਾ ਦਾ 337ਵਾਂ ਜਨਮ ਉਤਸਵ ਮਨਾਉਣ ਲਈ । ਨਾ ਕੋਹਰਾ ਉਨਾਂਹ ਦੀ ਚਾਲ ਨੂੰ ਮੱਠਿਆਂ ਕਰ ਸਕਿਆ ਤੇ ਨਾ ਹੀ ਵਰਸਦਾ ਠੰਢਾ ਪਾਣੀ ਗੁਰੂ ਦਰਸ਼ਨਾਂ ਤੋਂ ਮੁਨਕਰ ਕਰ ਸਕਿਆ || ਇਹ ਅਠਾਰਵਾਂ ਦਰਬਾਰ-ਏ-ਖਾਲਸਾ ਸੀ ਜੋ ਕਿ ਹਰ ਸਾਲ ਇੰਟਰਨੈਸ਼ਨਲ ਇੰਸਟੀਟਿਊਟ ਔਫ ਗੁਰਮੱਤ ਸਟੱਡੀਜ਼ (ਆਈ. ਆਈ. ਜੀ. ਐਸ) ਵਲੋਂ ਪੱਚੀ ਦਸੰਬਰ ਨੂੰ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਉਤਸਵ ਦੀ ਖੁਸ਼ੀ ਵਿੱਚ ਮਨਾਇਆ ਜਾਦਾਂ ਹੈ ।
ਇਸ ਸਾਲ ਇਸ ਵਿੱਚ ਸੰਗਤਾਂ ਦੀ ਗਿਣਤੀ ਆਮ ਸਾਲਾਂ ਤੋਂ ਸਗੋਂ ਵਧੇਰੇ ਸੀ ਭਾਵੇਂ
ਕਿ ਅੰਤ ਦੀ ਵਰਖਾ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ, ਸਿੱਖ- ਸੰਗਤਾਂ
ਦਾ ਗੁਰੁ ਪਿਆਰ ਪਰਖਣ ਲਈ ।| ਸੰਗਤਾਂ ਇਸ ਮਹਾਨ ਦਰਬਾਰ ਵਿਚ ਸ਼ਾਮਲ
ਹੋਣ ਲਈ ਦੂਰ ਦੂਰ ਤੋਂ ਚਲ ਕੇ ਆਈਆਂ, ਇਨ੍ਹਾਂ ਵਿੱਚ ਸ਼ਾਮਿਲ ਸਨ ਸ਼ਿਕਾਗੋ, ਸੇਂਟ
ਲੂਇਸ, ਬੌਸਟਨ, ਟੋਰੌਂਟੋ, ਫਿਨਕਸ, ਨੌਰਥ ਤੇ ਸੈਂਟਰਲ ਕੈਲੇਫੌਰਨੀਆ ਲਾਸ
ਵੇਗਸ, ਸੈਨਡੀਆਗੋ ਇਤਿਆਦ ਦੀਆਂ ਸੰਗਤਾਂ ||
ਅਠਾਰਾਂ ਸਾਲ ਪਹਿਲੇ, ਰਾਤ ਭਰ ਆਈ. ਜੀ. ਐਸ. ਹਾਊਸ ਵਿੱਚ ਪਕਦੇ ਬਰੈੱਡ-ਪਕੌਰਿਆਂ ਦੀ ਥਾਂ ਲੈ ਲਈ ਸੀ ਗਰਮ-ਗਰਮ ਛੋਲਿਆਂ ਤੇ ਤਾਜ਼ੇ ਪਕਦੇ ਭਟੂਰਿਆਂ ਨੇ । ਭਾਂਤ- ਭਾਂਤ ਦੀਆਂ ਮਿਠਾਈਆਂ ਵਿੱਚ ਗਰਮ-ਗਰਮ ਜਲੇਬੀਆਂ ਸੰਗਤ ਦਾ ਮਨ ਮੋਹ ਰਹੀਆਂ ਸਨ। ਆਈ. ਆਈ. ਜੀ. ਐਸ. ਦੇ ਪ੍ਰਬੰਧਕਾਂ ਵਲੋਂ ਬਾਰਸ਼ ਲਈ ਲਗਾਏ ਟੈਂਟ ਬਹੁਤ ਸਹਾਇਕ ਸਿੱਧ ਹੋਏ। ਲੰਗਰ ਸੇਵਾ ਕਰਨ ਵਾਲਿਆਂ ਦਾ ਉਤਸ਼ਾਹ ਦੇਖ ਕੇ ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਦੇ ਲੰਗਰ-ਹਾਲਾਂ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮਦਾ ਸੀ ||
ਲੰਗਰ ਵਿੱਚੋਂ ਨਿਕਲ ਕੇ ਗੁਰੁ ਦੇ ਦਰਬਾਰ ਵਿੱਚ ਵੜਦਿਆਂ ਇਕ ਅਨਭੁਤ ਸ਼ਾਂਤੀ ਦਾ ਅਹਿਸਾਸ ਸੀ । ਗੁਰੁ ਦਾ ਦਰਬਾਰ ਬਹੁਮੁੱਲੇ ਬਸਤਰਾਂ, ਮਹਿਕਦੇ ਫੁੱਲ਼ਾਂ ਤੇ ਜਗ-ਮਗ ਕਰਦੀਆਂ ਜੋਤਾਂ ਨਾਲ ਸਜਿਆ ਸੀ । ਜੇ ਮੈਂ ਇਸ ਦੀ ਸਜਾਵਟ ਕਰਨ ਵਾਲੇ ਗੁਰ-ਸੇਵਕਾਂ ਦੀ ਗੱਲ ਕਰਨ ਲ਼ੱਗਾਂ ਤਾਂ ਮੈਨੂੰ ਇੱਕ ਹੋਰ ਖੂਬਸੂਰਤ ਪੰਨੇ ਦੀ ਲੋੜ ਪਵੇਗੀ । ਵੱਸ ਇਹ ਸਮਝ ਲਵੋ ਕਿ ਸੰਗਤਾਂ ਨੇ ਹਰ ਫੁੱਲ਼ ਤੇ ਹਰ ਗੋਟੇ ਦੀ ਤਾਰ ਵਿੱਚ ਆਪਣਾ ਪਿਆਰ ਤੇ ਸ਼ਰਧਾ ਗੁੰਦੀ ਹੋਈ ਸੀ ||
ਆਸਾ-ਦੀ-ਵਾਰ, ਜੋ ਭਾਈ ਅਮਰਜੀਤ ਸਿੰਘ ਤਾਨ ਜੀ ਨੇ, ਸਰਵਣ ਕਰਵਾਈ, ਦੇ ਉਪਰੰਤ, ਨਿੱਕੇ-ਨਿੱਕੇ ਬਾਲਾਂ ਦੀਆਂ ਮਧੁਰ ਆਵਾਜ਼ਾਂ ਵਿੱਚ ਕੀਰਤਨ ਆਰੰਭ ਹੋਇਆ । ਇਸ ਵਿੱਚ ਲੱਗ ਪੱਗ 250 ਬੱਚਿਆਂ ਨੇ ਹਿੱਸਾ ਲਿਆ । ਹਿੱਸਾ ਲੈਣ ਵਾਲੇ ਬੱਚੇ ਸਨ ਭਾਈ ਮਰਦਾਨਾ ਅਕੈਡਮੀ ਦੇ, ਗੁਰਮੱਤ ਸਕੂਲ ਔਫ ਕੈਲੇਫੌਰਨੀਆ ਦੇ, ਬੀਬੀ ਭਾਨੀ ਕਲਾ ਕੇਂਦਰ ਤੋਂ, ਉੱਜਲ ਦੀਦਾਰ ਸਿੰਘ ਮੀਮੋਰੀਅਲ ਫਾਊਡੇਸ਼ਨ ਤੋਂ, ਗੁਰਦੁਆਰਾ ਬਿਉਨਾ ਪਾਰਕ, ਸੈਂਟਾ ਐਨਾ, ਅਲਹਾਮਬਰਾ, ਰਿਵਰਸਾਈਡ, ਲੈਂਕਰਸ਼ਿਮ, ਵੈਲੀ ਸਖ ਟੈਂਪਲ ਤੋਂ ਅਤੇ ਆਈ. ਜੀ. ਐਸ. ਖਾਲਸਾ ਕਿਡਜ਼ ਜੱਥਾ ।ਜਿੱਥੇ ਗੁਰਮੱਤ ਸਕੂਲ ਔਫ ਕੈਲੇਫੌਰਨੀਆ ਦੇ ਬੱਚਿਆਂ ਨੇ ਚਿੱਟਿਆਂ ਬਾਜ਼ਾਂ ਵਾਲੇ ਦੀ ਕਹਾਣੀ ਮੈਂ ਹੋ ਪਰਮ ਪੁਰਖ ਕੋ ਦਾਸਾ ਦੇ ਸ਼ਬਦ ਰਾਹੀਂ ਦੱਸੀ, ਉੱਥੇ ਆਈ. ਜੀ. ਐਸ. ਖਾਲਸਾ ਕਿਡਜ਼ ਦੇ ਜੱਥੇ ਨੇ ਤੂਹੀ ਤੂਹੀ....ਵਾਹਿਗੁਰੂ ਵਾਹਿਗੁਰੂ ਦੀ ਧੁਨ ਨਾਲ ਖਾਲਸਾ ਦਰਬਾਰ ਦੀ ਸੰਗਤ ਨੂੰ ਰੂਹਾਨੀ ਸ਼ਾਂਤੀ ਦਾ ਅਹਿਸਾਸ ਕਰਵਾਇਆ ।ਇਹ ਨਜ਼ਾਰਾ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਪੱਛਮ ਵਿਚ ਪਲ ਰਹੇ ਬੱਚੇ ਪੰਜਾਬ ਦੀ ਧਰਤੀ ਦੀ ਖੁਸ਼ਬੂ ਤੋਂ ਜਾਣੂ ਨਹੀਂ ||
ਪੰਦਰਾਂ ਸਾਲ ਦੇ ਕਾਕਾ ਅਨਹਦ ਸਿੰਘ ਦੀ ਹੱਡ ਬੀਤੀ ਤਕਰੀਰ ਸੁਣ ਕੇ ਮੈਨੂੰ ਕੋਈ ਸ਼ੱਕ ਨਹੀਂ ਕਿ ਅੱਜ ਵੀ ਸਾਡੇ ਵਿੱਚ ਅਜੇਹੀਆਂ ਮਾਵਾਂ ਹਨ ਜੋ ਜਨਮ ਵੇਲੇ ਹੀ ਗੁਰੂੁ ਦਾ ਪਿਆਰ ਗੁੜਤੀ ਵਿੱਚ ਬੱਚਿਆਂ ਨੂੰ ਘੋਲ ਕੇ ਦਿੰਦੀਆਂ ਹਨ, ਜੋ ਮਾਂ-ਪੁੱਤ ਦੇ ਪਿਆਰ ਦੀ ਗੰਢ ਖੋਹਲ ਕੇ, ਗੁਰੂ-ਸਿੱਖ ਦੇ ਪਿਆਰ ਦੀ ਗੰਢ ਨੂੰ ਮਜ਼ਬੂਤ ਕਰਦੀਆਂ ਹਨ । ਬੀਤੀਕਾ ਕੌਰ ਤੇ ਗੁਨੀਤ ਕੌਰ ਦੋਨੋਂ ਭੈਣਾਂ ਨੇ ਆਪਣੇ ਵਿਚਾਰ ਕਵਿਤਾਵਾਂ ਰਾਹੀਂ ਰੱਖੇ, ਜਿਸ ਰਾਹੀਂ ਉਨ੍ਹਾਂ ਨੇ ਕਲਗੀਆਂ ਵਾਲੇ ਦਾ ਸਿੱਖ ਬੱਚੀਆਂ ਦੀ ਮੌਜ਼ੂਦਾ ਸਮਾਜਿਕ ਉੱਚ ਪੱਧਰ ਲਈ ਸ਼ੁਕਰਾਨਾ ਕੀਤਾ ਅਤੇ ਗੁਰੂੁ ਗੋਬਿੰਦ ਸਿੰਘ ਜੀ ਦੀ ਬੇਟੀ 'ਕੌਰ' ਹੋਣ ਦਾ ਗਰਭ ਜ਼ਾਹਿਰ ਕੀਤਾ । ਬੱਚੀ ਮਿਹਰ ਕੌਰ ਦਾ ਖਾਲਸ ਰਾਗ ਵਿਚ ਸ਼ਬਦ ਸੁਣ ਕੇ ਮਨ ਗਦ ਗਦ ਕਰ ਉਠਿਆ । ਇਹ ਸਭ ਦਾ ਸਿਹਰਾ ਇਨ੍ਹਾਂ ਬੱਚਿਆਂ ਦੇ ਮਾਂ-ਬਾਪ ਦੇ ਸਿਰ ਤੇ ਹੈ ਜੋ ਗੁਰੂ ਸਾਹਿਬ ਦੀ ਬਖਸ਼ੀ ਹੋਈ ਸੇਵਾ ਨੂੰ ਇੱਨੇ ਸੰਕਲਪ ਨਾਲ ਨਿਭਾ ਰਹੇ ਹਨ ||
ਜਿਵੇਂ ਜਿਵੇਂ ਦਿਨ ਆਪਣੇ ਜੋਬਨ ਤੇ ਆਇਆ, ਬਾਰਿਸ਼ ਨੇ ਵੀ ਜ਼ੋਰ ਫੜਿਆ । ਲੰਗਰ ਅਸਥਾਨ ਵਿੱਚ ਪਾਣੀ ਗਿੱਟੇ ਗਿੱਟੇ ਆ ਚੁੱਕਾ ਸੀ ਅਤੇ ਸੰਗਤਾਂ ਵੀ ਲੰਗਰ ਤੋਂ ਵੇਹਲੇ ਹੋ ਕੇ ਗੁਰ-ਦਰਬਾਰ ਵਿੱਚ ਪਹੁੰਚ ਚੁੱਕੀਆਂ ਸਨ । ਛੋਟੇ ਬੱਚਿਆਂ ਦਰਬਾਰ ਦੇ ਆਲੇ-ਦੁਆਲੇ ਬਣੀਆਂ ਪੌੜੀਆਂ ਵਿੱਚ ਆਪਣੇ ਸਾਥੀਆਂ ਨਾਲ ਖੇਡਣ ਵਿੱਚ ਮਸਤ ਸਨ, ਮਾਪੇ ਇਸ ਮੌਕੇ ਦਾ ਲਾਭ ਲੈ ਕੇ, ਅੰਤਰ-ਧਿਆਨ ਜੋ ਕੇ ਕੀਰਤਨ ਦਾ ਅਨੰਦ ਮਾਣ ਰਹੇ ਸਨ ||
ਕੋਈ ਪੰਦਰਾਂ ਰਾਗੀ ਸਿੰਘਾਂ ਨੇ ਕੀਰਤਨ ਤੇ ਗੁਰਬਾਣੀ ਵਿਚਾਰਾਂ ਰਾਹੀਂ ਸੰਗਤ ਨੂੰ ਨਾਮ ਨਾਲ ਜੋੜਿਆ । ਇਹ ਰਾਗੀ ਜੱਥੇ ਸਨ ਭਾਈ ਪਰਨਾਮ ਸਿੰਘ ਜੀ ਔਰੰਗਾਬਾਦ ਤੋਂ, ਭਾਈ ਦਲਜੀਤ ਸਿੰਘ ਜੀ ਤੇ ਭਾਈ ਮਹਿੰਦਰ ਸਿੰਘ ਜੀ ਗੁਰਦੁਆਰਾ ਨੌਰਕੋ ਤੋਂ, ਭਾਈ ਸੋਹਨ ਸਿੰਘ ਜੀ ਰਸੀਆ, ਭਾਈ ਰਘੁਬੀਰ ਸਿੰਘ ਜੀ ਗੁਰਦੁਆਰਾ ਅਲਹਾਂਬਰਾ ਤੋਂ, ਭਾਈ ਅਰਜਨ ਸਿੰਘ ਜੀ ਨਿਰਮਨ ਨੈਨੀਤਾਲ ਤੋਂ, ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੌਘ ਜੀ ਭਾਰਤ ਤੋਂ, ਭਾਈ ਅਮਰਜੀਤ ਸਿੰਘ ਜੀ ਤਾਨ ਡੈਲਸ ਤੋਂ ਅਤੇ ਸਰਦਾਰਨੀ ਗੁਰਪ੍ਰੀਤ ਦੀ ਅਗਵਾਈ ਹੇਠ ਆਈ. ਜੀ. ਐਸ. ਕੀਰਤਨੀ ਜੱਥਾ । ਸਰਦਾਰ ਸਰਵਪ੍ਰੀਤ ਸਿੌਘ ਜੀ (ਬੌਸਟਨ ਤੋਂ) ਨੇ ਆਪਣੇ ਵਿਚਾਰਾਂ ਰਾਹੀਂ ਸੰਗਤ ਨੂੰ ਕੀਰਤਨ ਸ਼ੁਧ ਰਾਗਾਂ ਵਿੱਚ ਗਾਉਣ ਦੀ ਪ੍ਰੇਰਣਾ ਦਿੱਤੀ ||
ਸੰਗਤਾਂ ਦੇ ਪਿਆਰੇ 'ਪਾਪਾ' ਆਈ. ਜੀ. ਐਸ. ਚੀਫ ਕੈਪਟਨ (ਰਿਟਾਇਰਡ) ਕੰਵਰ ਹਰਭਜਨ ਸਿੰਘ ਜੀ ਨੇ ਆਪਣੀ ਜੋਸ਼ੀਲੀ ਤੇ ਮਿੱਠੀ ਆਵਾਜ਼ ਵਿੱਚ ਹਮੇਸ਼ਾ ਦੀ ਤਰਾਂ ਗੁਰੂ ਦੇ ਪਿਆਰ ਦੀ ਗੱਲ ਤੋਰੀ । ਉਨਾਂ੍ਹ ਨੇ ਯਾਦ ਦਿਲਾਈ ਸਰਵੰਸ਼-ਦਾਨੀ ਪਿਤਾ ਦੀ, ਕੰਡਿਆਂ ਦੀ ਸੇਜ਼ ਵਿਛਾ ਕੇ, ਇੱਟ ਦਾ ਸਿਰਹਾਣਾ ਕਰਕੇ, ਸ਼ਮਸ਼ੀਰ ਨੂੰ ਸੀਨੇ ਨਾਲ ਲਗਾ ਕੇ ਸੌਣ ਵਾਲੇ ਯੋਧਾ ਦੀ, ਉਨਾਂ੍ਹ ਗੱਲ ਛੇੜੀ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਦੀ ਜੋ ਜ਼ੁਲਮ ਤੇ ਜ਼ਬਰ ਦਾ ਸਾਹਮਣਾ ਕਰਦੇ ਹੋਏ ਅਡੋਲ ਰਹੇ, ਸਿੱਖ ਧਰਮ ਦੀ ਰੱਖਿਆ ਕਰਦੇ ਹੋਏ ਹਸਦੇ ਹਸਦੇ ਸ਼ਹੀਦ ਜੋ ਗਏ ਅਤੇ ਆਪਣੇ ਦਾਦੇ ਹਿੰਦ ਦੀ ਚਾਦਰ ਦੀ ਪੱਗ ਤੇ ਦਾਗ ਨਾ ਲੱਗਣ ਦਿੱਤਾ । ਪਾਪਾ ਨੇ ਲਲਕਾਰਿਆ ਸਿੱਖ ਕੌਮ ਨੂੰ, ਸਿੱਖ ਇਤਿਹਾਸ ਪੜ੍ਹਣ, ਸਿੱਖਣ ਤੇ ਸਿਖਾਉਣ ਲਈ ਤਾਂ ਕਿ ਗੁਰੂ ਦੀ ਗੱਲ ਇਸੇ ਤਰਾਂ ਆਉਣ ਵਾਲੇ ਸਾਲਾਂ ਵਿੱਚ ਚਲਦੀ ਰਵ੍ਹੇ ||
ਔਨਰੇਰੀ ਅਵਾਰਡਜ਼ ਦੀ ਰਸਮ ਦੇ ਦੌਰਾਨ, ਭਾਈ ਮਰਦਾਨਾ ਇੰਟਰਨੈਸ਼ਨਲ ਅਵਾਰਡ ਭਾਈ ਅਮਰਜੀਤ ਸਿੰਘ ਜੀ ਤਾਨ ਨੂੰ ਦਿੱਤਾ ਗਿਆ, ਜੋ ਕਿ ਸ੍ਰੀ ਗੁਰੂੁ ਗਰੰਥ ਸਾਹਿਬ ਜੀ ਵਿੱਚ ਅਧਾਰਤ ਰਾਗਾਂ ਵਿੱਚ ਕੀਰਤਨ ਕਰਕੇ ਸੰਸਾਰ ਨੂੰ ਕੀਰਤਨ ਨਾਲ ਜੋੜਦੇ ਆਏ ਹਨ । ਸਪੈਸ਼ਲ ਸੇਵਾ ਅਵਾਰਡਜ਼ ਨਾਲ ਦੋ ਪਰਵਾਰ ਸਰਦਾਰਨੀ ਸੁਮੀਤ ਕੌਰ-ਸਰਦਾਰ ਗੁਰਿੰਦਰਜੀਤ ਸਿੰਘ ਅਤੇ ਸਰਦਾਰਨੀ ਗੁਰਿੰਦਰ ਕੌਰ-ਸਰਦਾਰ ਮਨਿੰਦਰ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਹਰ ਸਾਲ ਦਰਬਾਰ-ਏ-ਖਾਲਸਾ ਦੀ ਸਜਾਵਟਾਂ ਨੂੰ ਆਪਣੀ ਸੂਝ ਤੇ ਸ਼ਰਧਾ ਨਾਲ ਨਿਖਾਰਦੇ ਰਹੇ ਹਨ । ਸਿੱਖ ਵਿਦਿਆ ਦਾਨ ਅਵਾਰਡਜ਼ ਦਿੱਤੇ ਗਏ ਤਿੰਨ ਬੀਬੀਆਂ ਸਰਦਾਰਨੀ ਹਰਭਜਨ ਕੌਰ ਅਮਨ (ਪ੍ਰਿਸੀਪਲ, ਬਿਉਨਾ ਪਾਰਕ ਪੰਜਾਬੀ ਸਕੂਲ), ਸਰਦਾਰਨੀ ਪ੍ਰਿਤਪਾਲ ਕੌਰ, ਸਰਦਾਰਨੀ ਤਲਵਿੰਦਰ ਕੌਰ ਨੂੰ ਜੋ ਕਿ ਗੁਰਦੁਆਰਾ ਬਿਉਨਾ ਪਾਰਕ ਵਿਖੇ ਪਿਛਲੇ ਦਸ ਸਾਲਾਂ ਤੋਂ ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਗੁਰਮੁਖੀ ਤੇ ਗੁਰਮੱਤ ਵਿਦਿਆ ਸਿਖਾ ਰਹੀਆਂ ਹਨ । ਇੰਟਰਨੈਸ਼ਨਲ ਦਸਮੇਸ਼ ਅਵਾਰਡ ਸਰਦਾਰ ਅਰਜਨ ਕ੍ਰਿਪਾਲ ਸਿੰਘ (ਇੰਟਰਨੈਸ਼ਨਲ ਪ੍ਰੋਫੈਸਰ ਔਫ ਸਿੱਖਇਜ਼ਮ) ਜੀ ਦੇ ਪਰਵਾਰ ਨੂੰ ਦਿੱਤਾ ਗਿਆ, ਉਨ੍ਹਾਂ ਦੇ ਆਈ. ਆਈ. ਜੀ. ਐਸ. ਯੂਥ ਕੈਂਪ ਮੂਵਮੈਂਟ ਵਿੱਚ ਪਾਈ ਅਨਮੋਲ ਸੇਵਾ ਲਈ||
ਖਾਲਸਾ ਦਰਬਾਰ ਦੀ ਸਮਾਪਤੀ ਸਮੂਹ ਕੀਰਤਨੀਆਂ ਦੇ ਸਾਂਝੇ ਸ਼ਬਦ ਕੀਰਤਨ ਤੇ ਸਿਮਰਨ ਨਾਲ ਹੋਈ ਜੋ ਕਿ ਸੰਗਤਾਂ ਬੜੀ ਬੇ-ਸਵਰੀ ਨਾਲ ਇੰਤਜ਼ਾਰ ਕਰ ਰਹੀਆਂ ਸਨ ।ਇਹ ਸ਼ਬਦ ਕੀਰਤਨ ਆਪਣੇ-ਆਪ ਵਿੱਚ ਉਦਾਹਰਣ ਸੀ, ਸਿੱਖ ਕੌਮ ਵਿੱਚ ਵਧ ਰਹੇ ਆਪਸੀ ਪਿਆਰ ਤੇ ਸਤਿਕਾਰ ਦੀ ||
ਇਸ ਮਹਾਨ ਦੀਵਾਨ ਦੀ ਸਮਾਪਤੀ ਹਰ ਸਾਲ ਗੁਰੁ ਮਹਾਰਾਜ ਜੀ ਦੀ ਹੈਲੀਕਾਪਟਰ ਦੁਆਰਾ ਵਿਦਾਇਗੀ ਨਾਲ ਹੁਦੀ ਹੈ, ਪਰ ਬਾਰਸ਼ ਨੇ ਇਸ ਰੀਤ ਨੂੰ ਤੋੜ ਕੇ ਇੱਕ ਵਾਰ ਫਿਰ ਸਾਧ ਸੰਗਤ ਦੀ ਸ਼ਰਧਾ ਤੇ ਪਿਆਰ ਨੂੰ ਅਜਮਾਇਆ । ਗੁਰੂ ਸਾਹਿਬਾਨ ਦੀ ਵਿਦਾਇਗੀ ਲਈ ਸੰਗਤਾਂ ਨੇ ਰਸਤੇ ਫੁੱਲਾਂ ਦੀਆਂ ਰੰਗ-ਬਰੰਗੀਆਂ ਪੱਤੀਆਂ ਨਾਲ ਢੱਕ ਦਿੱਤੇ, ਜਿਸ ਉਪਰੋਂ ਪਹਿਲਾਂ ਨਿੱਕਲੀ ਨੰਨ੍ਹੇ- ਨੰਨ੍ਹੇ ਬੱਚਿਆਂ ਦੇ ਰੂਪ ਵਿੱਚ ਗੁਰੁ ਦੀ ਫੌਜ਼, ਨਿਸ਼ਾਨ ਸਾਹਿਬ ਝਲਾਉਂਦੀ ਹੋਈ, ਖੰਡੇ-ਕਿਰਪਾਨਾਂ ਚਮਕਾਉਂਦੀ ਹੋਈ ਤੇ ਜੈਕਾਇਆਂ ਦੀ ਗੂੰਜ ਨਾਲ ਬੱਦਲਾਂ ਦੀ ਗ਼ਰਜ਼ ਨੂੰ ਮਾਤ ਪਾਉਂਦੀ ਹੋਈ। ਫਿਰ ਸਨ, ਗੁਰੂ ਦੇ ਸਿਪਾਹੀ, ਸੁੰਦਰ ਬਾਣੇ ਵਿੱਚ ਗਤਕਾ ਖੇਡਦੇ ਹੋਏ । ਗੁਰੂ ਦੇ ਪੰਜ-ਪਿਅਰਿਆਂ ਦੇ ਪੈਰ ਜਿਸ ਫੁੱਲਾਂ ਤੇ ਛੋਹੇ, ਗੁਰੁ-ਸੰਗਤਾਂ ਨੇ ਉਸ ਧਰਤ ਨੂੰ ਚੁੰਮਿਆ ਤੇ ਫੁੱਲਾਂ ਨੂੰ ਚੁੱਕ ਕੇ ਸੀਸ ਨਾਲ ਲਗਾਇਆ । ਗੁਰੁ ਮਹਾਰਾਜ ਜੀ ਦੀ ਸੁਨਿਹਿਰੀ ਪਾਲਕੀ ਫੁੱਲਾਂ ਦੀ ਵਰਖਾ ਅੰਦਰ, ਸੰਗਤਾਂ ਦੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਦੇ ਦੌਰਾਨ, ਦਰਬਾਰ ਵਿੱਚੋਂ ਨਿਕਲ ਕੇ ਕਾਰ ਵਿੱਚ ਰਵਾਨਾ ਹੋਈ । ਸੰਗਤ ਦੀਆਂ ਸੱਜਲ ਅੱਖਾਂ ਉਂਨਾਂਹ ਦੇ ਗੁਰੁ-ਪਿਆਰ ਅਤੇ ਬੈਰਾਗਮਈ ਚਿੱਤ ਦਾ ਸਬੂਤ ਦੇ ਰਹੀਆਂ ਸਨ ।
ਹੁਣ ਜੇ ਮੈਂ ਇਸ ਨੂੰ ਮਹਾਨ ਦੀਵਾਨ ਦੀ ਸਮਾਪਤੀ ਆਖਾਂ ਤਾਂ ਉਨਾਂ੍ਹ ਗੁਰ-ਸੇਵਕਾਂ ਨਾਲ ਬੇਇਨਸਾਫੀ ਹੋਵੇਗੀ ਜੋ ਕਿ ਮਾਊਂਟਸੈਕ ਔਡੀਟੋਰੀਅਮ ਨੂੰ ਇਸ ਦੀ ਮੁੱਢਲੀ ਸ਼ਕਲ ਦੇਣ ਲਈ ਫਿਰ ਤੋਂ ਸੇਵਾ ਵਿੱਚ ਜੁੱਟ ਗਏ । ਚਾਦਰਾਂ ਤਹਿ ਕਰਦੇ ਹੋਏ, ਸਜਾਵਟਾਂ ਉਤਾਰਦੇ ਹੋਏ, ਫੁੱਲਾਂ ਨੂੰ, ਰੁਮਾਲਿਆਂ ਨੂੰ ਸਤਿਕਾਰ ਨਾਲ ਰੱਖਦੇ ਹੋਏ, ਮੈਨੂੰ ਯਕੀਨ ਹੈ ਕਿ ਇਹ ਪ੍ਰੇਮ ਵਿੱਚ ਭਿੱਜੀਆਂ ਰੂਹਾਂ ਸੋਚ ਰਹੀਆਂ ਹੋਣਗੀਆਂ ਕਿ ਉੱਨੀ੍ਹਵਾਂ ਦਰਬਾਰ-ਏ-ਖਾਲਸਾ ਕਿਨ੍ਹਾਂ ਰੰਗਾਂ, ਕਿਨ੍ਹਾਂ ਫੁੱਲ਼ਾਂ ਤੇ ਕਿਨ੍ਹਾਂ ਬੱਤੀਆਂ ਵਿੱਚ ਸ਼ਸ਼ੋਭਿਤ ਕੀਤਾ ਜਾਵੇ ।